ਮੁੱਖ ਸੰਪਾਦਕ : ਮਨਪ੍ਰੀਤ ਸਿੰਘ ਬੱਧਨੀ ਕਲਾਂ
Email: badhni_com@yahoo.co.uk
Ph. +44(0)7899798363
Fax: +44(0)2080900819
Skype ID: manpreetsinghbadhnikalan

ਪੰਜਾਬ ਖ਼ਬਰਾਂ
ਸਿੰਘ ਸਾਹਿਬਾਨ ਨੇ ਸ਼ਹੀਦੀ ਯਾਦਗਾਰ ਦਾ ਨੀਂਹ-ਪੱਥਰ ਰੱਖਿਆ , ਭਾਈ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਖ਼ਿਤਾਬ



 

ਅੰਮ੍ਰਿਤਸਰ: ਕਾਂਗਰਸ ਸਰਕਾਰ ਵੱਲੋਂ 28 ਸਾਲ ਪਹਿਲਾਂ 6 ਜੂਨ 1984 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ ਅਤੇ ਸੈਂਕੜੇ ਜੁਝਾਰੂ ਸਿੰਘਾਂ ਦੀ ਸ਼ਹੀਦੀ ਯਾਦਗਾਰ ਬਣਾਉਣ ਦਾ ਨੀਂਹ ਪੱਥਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਦੀਕ ਰੱਖਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਸਮੇਂ ਭਗਤੀ ਤੇ ਸ਼ਕਤੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਪਵਿੱਤਰਤਾ ਕਾਇਮ ਰੱਖਦਿਆਂ ਸ਼ਹੀਦ ਹੋਏ ਕੌਮੀ ਪਰਵਾਨਿਆਂ ਦੀ ਯਾਦ ਵਿੱਚ 28ਵਾਂ ਘੱਲੂਘਾਰਾ ਦਿਵਸ ਮਨਾਉਣ ਲਈ ਇਕੱਤਰ ਹੋਏ ਹਨ। ਉਨ੍ਹਾਂ ਨੇ ਕਿਹਾ 'ਜਾਬਰ ਹੁਕਮਰਾਨਾਂ ਨੇ ਸਾਡੀ ਹੋਂਦ, ਹਸਤੀ ਤੇ ਪਹਿਚਾਣ ਨੂੰ ਖਤਮ ਕਰਨ ਦਾ ਨਾਪਾਕ ਯਤਨ ਕੀਤਾ। ਇਹ ਵੀ ਹਕੀਕਤ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੇ ਸਿਰਜਣਾ ਕਾਲ ਤੋਂ ਲੈ ਕੇ ਅੱਤਿਆਚਾਰੀ ਅਤੇ ਅਨਿਆਂਕਾਰੀ ਹਾਕਮਾਂ ਦੀਆਂ ਅੱਖਾਂ 'ਚ ਸਿੱਖ ਰੜਕਦੇ ਆਏ ਹਨ।' ਉਨ੍ਹਾਂ ਅਕਾਲ ਤਖਤ ਤੋਂ ਜਾਰੀ ਸੰਦੇਸ਼ 'ਚ ਕਿਹਾ ਕਿ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸਿਰਜਿਆ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਪੁਰਖਿਆਂ ਦੀ ਇਤਿਹਾਸਕ ਸ਼ਕਤੀ ਤੇ ਫ਼ਤਹਿ ਦਾ ਅਲੰਬਰਦਾਰ ਹੈ। ਸਮੁੱਚੀ ਮਾਨਵਤਾ ਦੇ ਕਲਿਆਣ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਸਿੱਖ ਪੰਥ ਦਾ ਮਹਾਨ ਸਿਧਾਂਤ ਹੈ। ਸਿੱਖ ਪੰਥ ਸਮਾਜਿਕ ਬੁਰਾਈਆਂ ਤੇ ਮਨੁੱਖੀ ਗੁਲਾਮੀ ਵਿਰੁੱਧ ਸੱਚ ਲਈ ਸਦਾ ਹੀ ਜੀਅ ਜਾਨ ਨਾਲ ਜੂਝਿਆ ਤੇ ਜੂਝਦਾ ਰਹੇਗਾ। ਹਰ ਸਾਲ 6 ਜੂਨ ਦਾ ਦਿਨ ਸਮੁੱਚੇ ਪੰਥ ਨੂੰ ਭਾਰਤੀ ਸਰਕਾਰ ਦੀ ਉਸ ਗਿਣੀ ਮਿੱਥੀ ਚਾਲ 'ਤੇ ਘਿਨਾਉਣੀ ਘਟਨਾ ਦੀ ਕੌੜੀ ਯਾਦ ਦਿਵਾਉਂਦਾ ਹੈ, ਜਦ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਤਰ ਹੋਏ ਹਜ਼ਾਰਾਂ ਸ਼ਰਧਾਲੂ, ਬੀਬੀਆਂ ਤੇ ਬੱਚੇ ਗੋਲੀਆਂ ਨਾਲ ਭੁੰਨ ਦਿੱਤੇ ਗਏ। ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਪੈਗਾਮ ਦੇਣ ਵਾਲੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਧਾਮਾਂ ਉਤੇ ਆਪਣੇ ਹੀ ਦੇਸ਼ ਦੀ ਸਰਕਾਰ ਵੱਲੋਂ ਫ਼ੌਜੀ ਹਮਲਾ ਕੀਤਾ ਗਿਆ। ਇਹ ਜਬਰ ਤੇ ਜ਼ੁਲਮ ਦੀ ਅੱਤ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਦਿੱਲੀ ਦੇ ਤਾਨਾਸ਼ਾਹ ਤਾਜਦਾਰਾਂ ਪ੍ਰਤੀ ਸਮਾਜ ਵਿੱਚ ਘ੍ਰਿਣਾ ਤੇ ਨਫ਼ਰਤ ਪੈਦਾ ਹੋਈ। ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਮੂਹ ਮਰਜੀਵੜਿਆਂ ਪ੍ਰਤੀ ਸ਼ਰਧਾ ਤੇ ਕੌਮੀ ਜਜ਼ਬਾ ਹੋਰ ਪ੍ਰਚੰਡ ਹੋਇਆ। ਸ਼੍ਰੋਮਣੀ ਕਮੇਟੀ ਅਤੇ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ ਤੇ ਪੰਥ ਦਰਦੀਆਂ ਦੇ ਸਹਿਯੋਗ ਨਾਲ '84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਸਦੀਵੀ ਯਾਦ ਸਥਾਪਤ ਕਰਦਿਆਂ ਸ਼ਹੀਦੀ ਯਾਦਗਾਰ ਦਾ ਨਿਰਮਾਣ ਕਰਨ ਲਈ 20 ਮਈ, 2012 ਨੂੰ ਸ਼ੁਭ ਆਰੰਭ ਕੀਤਾ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਅਗਵਾਈ ਲੈ ਕੇ ਧਰਮ ਕਰਮ ਵਿੱਚ ਪ੍ਰਪੱਕ ਹੋਣਗੀਆਂ। ਜੂਨ 1984 'ਚ ਹੀ ਬਹੁਤ ਸਾਰੇ ਨਿਰਦੋਸ਼ ਗੁਰਸਿੱਖਾਂ ਨੂੰ ਫੜ ਕੇ ਕਾਲ ਕੋਠੜੀਆਂ 'ਚ ਬੰਦੀ ਬਣਾਇਆ ਗਿਆ, ਜਿਨ੍ਹਾਂ ਵਿਚੋਂ ਅਜੇ ਵੀ ਬਹੁਤ ਸਾਰੇ ਗੁਰਸਿੱਖ ਕਾਲ ਕੋਠੜੀਆਂ 'ਚ ਕੈਦ ਹਨ ਜਿਨ੍ਹਾਂ 'ਤੇ ਸਮੇਂ ਦੀ ਸਰਕਾਰ ਵੱਲੋਂ ਨਾ ਤਾਂ ਕੋਈ ਮੁਕੱਦਮਾ ਚਲਾਇਆ ਜਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਅੱਜ ਲੋੜ ਹੈ ਸਰਕਾਰ 'ਤੇ ਦਬਾਅ ਪਾ ਕੇ ਇਨ੍ਹਾਂ ਨਿਰਦੋਸ਼ ਧਰਮੀ ਸਿੱਖਾਂ ਨੂੰ ਰਿਹਾਅ ਕਰਵਾ ਸਕੀਏ। ਉਨ੍ਹਾਂ ਕਿਹਾ ਕਿ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣਨ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਤੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦੀ ਉਪਾਧੀ ਬਖਸ਼ਿਸ਼ ਕੀਤੀ ਗਈ, ਜਿਸ ਵਿੱਚ ਤਸ਼ਤਰੀ, ਸਿਰੀ ਸਾਹਿਬ, ਲੋਈ ਤੇ ਸਿਰੋਪਾਓ ਦੀ ਬਖਸ਼ਿਸ਼ ਉਨ੍ਹਾਂ ਦੀ ਭੈਣ ਬੀਬੀ ਕਮਲਦੀਪ ਕੌਰ ਨੇ ਪ੍ਰਾਪਤ ਕੀਤੀ। ਤੇ ਹੋਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।

London
ਹਫਤੇ ਦੀ ਤਸਵੀਰ
Old Website

Old Web Site
Currency Convertor

Currency Converter
© Copyright 2011 Badhni.com. All rights reserved. |